ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦਾ ਲਾਇਸੰਸੀ ਅਸਲਾ/ਹਥਿਆਰ ਨਾਲ ਲਿਜਾਣ ‘ਤੇ ਪੂਰਨ ਪਾਬੰਦੀ
ਗੁਰਦਾਸਪੁਰ(ਸਿਟੀ ਤੇਜ਼ ਖ਼ਬਰ ਬਿਊਰੋ) ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 25 ਸਤੰਬਰ, 2024 ਨੂੰ ਪੂਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ -2024 ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ 26 ਸਤੰਬਰ, 2024 ਨੂੰ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਗਰਾਮ ਪੰਚਾਇਤ ਦੀ ਰੈਵੀਨਿਊ ਹਦੂਦ ਵਿੱਚ ਪੈਂਦੇ ਅਸਲਾ ਲਾਇਸੈਂਸ ਧਾਰਕ ਆਪਣਾ-ਆਪਣਾ ਲਾਇਸੈਂਸੀ ਹਥਿਆਰ ਨਾਲ ਲਿਜਾਣ (ਕੈਰੀ ਕਰਨ) ‘ਤੇ ਮਿਤੀ 20 ਅਕਤੂਬਰ, 2024 ਤੱਕ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਸੀ।
ਹੁਣ ਭਾਰਤੀ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ-10, ਡੇਰਾ ਬਾਬਾ ਨਾਨਕ ਦੀ ਜਿਮਣੀ ਚੋਣ 13 ਨਵੰਬਰ, 2024 ਨੂੰ ਘੋਸ਼ਿਤ ਕੀਤੀ ਗਈ ਹੈ ਅਤੇ ਇਸ ਦਾ ਨਤੀਜਾ 23 ਨਵੰਬਰ, 2024 ਨੂੰ ਘੋਸ਼ਿਤ ਹੋਣਾ ਹੈ।
ਭਾਰਤੀ ਚੋਣ ਕਮਿਸ਼ਨ ਦੇ ਇਹਨਾਂ ਹੁਕਮਾਂ ਦੇ ਸਨਮੁੱਖ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ, ਸੁਰਿੰਦਰ ਸਿੰਘ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ, ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾਂ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦਾ ਲਾਇਸੰਸੀ ਅਸਲਾ/ਹਥਿਆਰ, ਵਿਸਫੋਟਕ ਸਮੱਗਰੀ, ਕਿਰਪਾਣ, ਕਿਰਚਾ, ਭਾਲੇ ਟੋਕੇ, ਚਾਕੂ ਆਦਿ, ਜਿਸ ਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ, ਨੂੰ ਮਿਤੀ 25 ਨਵੰਬਰ, 2024 ਤੱਕ ਕੈਰੀ (Carry) ਕਰਨ ਦੀ ਪੂਰਨ ਪਾਬੰਦੀ ਰਹੇਗੀ।
ਇਹ ਹੁਕਮ ਆਰਮੀ ਪਰੋਨਸਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕਾਂ ਸੁਰੱਖਿਆ ਗਾਰਡ, ਫੈਕਟਰੀ ਦੇ ਸਕਿਉਰਟੀ ਗਾਰਡ, ਪੈਟਰੋਲ ਪੰਪ ਮਾਲਕਾਂ, ਮਨੀ ਐਕਸਚੇਂਜ ਦੇ ਮਾਲਕ, ਜਿਊਲਰਜ ਸ਼ਾਪ ਦੇ ਮਾਲਕ, ਸਪੋਰਟਸ ਪਰਸਨ ( ਉਹ ਸ਼ੂਟਰ ਜੋ ਨੈਸ਼ਨਲ ਰਾਇਫਲ ਐਸ਼ੋਸੀਏਸਨ ਦੇ ਮੈਂਬਰ ਹੋਣ ਅਤੇ ਕਿਸੇ ਇਵੈਂਟ ਵਿੱਚ ਭਾਗ ਲੈ ਰਹੇ ਹੋਣ) ਜਾਂ ਉਹ ਵਿਕਅਤੀ ਜਿਨ੍ਹਾਂ ਨੂੰ ਭਾਰਤ ਸਰਕਾਰ / ਪੰਜਾਬ ਸਰਕਾਰ ਵੱਲੋਂ ਸਕਿਉਰਟੀ ਮਿਲੀ ਹੋਵੇ ਜਾਂ ਜਿਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ ਨਿੱਜੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੋਵੇ, ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ 25 ਨਵੰਬਰ, 2024 ਤੱਕ ਲਾਗੂ ਰਹਿਣਗੇ।