ਜਲੰਧਰ,(ਸਿਟੀ ਤੇਜ਼ ਖ਼ਬਰ ਬਿਊਰੋ) ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੂੰ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ (ਐਸ.ਪੀ.ਏ.) ਦੀ ਕੌਂਸਲ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੱਲੋਂ ਨਿਯਮਤ ਤੌਰ ‘ਤੇ ਖਾਲੀ ਥਾਂ ‘ਤੇ ਇਹ ਨਿਯੁਕਤੀ ਕੀਤੀ ਗਈ ਹੈ।ਨਾਮਜ਼ਦਗੀ ਲਈ ਧੰਨਵਾਦ ਪ੍ਰਗਟ ਕਰਦਿਆਂ ਡਾ. ਮਿੱਤਲ ਨੇ ਕਿਹਾ ਕਿ ਐਸ.ਪੀ.ਏ. ਦੇ ਮੈਂਬਰ ਵਜੋਂ ਸੇਵਾ ਕਰਨਾ ਉਨ੍ਹਾਂ ਲਈ ਵੱਡੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਦੇ ਰੌਸ਼ਨ ਭਵਿੱਖ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਵਿੱਚ ਨਵੀਨਤਾ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ।
ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਪਾਰਲੀਮੈਂਟ ਦੇ ਇੱਕ ਐਕਟ ਰਾਹੀਂ ਬਣਾਇਆ ਗਿਆ ਹੈ ਅਤੇ ਭਾਰਤ ਵਿੱਚ ਆਰਕੀਟੈਕਚਰ ਲਈ ਪ੍ਰਮੁੱਖ ਸੰਸਥਾ ਹੈ। ਮੌਜੂਦਾ ਸਮੇਂ ਸਕੂਲ ਆਫ਼ ਪਲਾਨਿੰਗ ਅਤੇ ਆਰਕੀਟੈਕਚਰ ਦੇ ਤਿੰਨ ਕੈਂਪਸ ਹਨ, ਜੋ ਕਿ ਨਵੀਂ ਦਿੱਲੀ, ਭੋਪਾਲ ਅਤੇ ਵਿਜੇਵਾੜਾ ਵਿੱਚ ਸਥਿਤ ਹਨ।
ਇਹ ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ ਹਨ ਅਤੇ ਯੋਜਨਾਬੰਦੀ, ਆਰਕੀਟੈਕਚਰ ਤੇ ਡਿਜ਼ਾਈਨ ਵਿੱਚ ਸਿੱਖਿਆ ਪ੍ਰਦਾਨ ਕਰਨ ਵਿੱਚ ਸਭ ਤੋਂ ਮੋਹਰੀ ਹਨ। ਮਨੁੱਖੀ ਨਿਵਾਸ ਅਤੇ ਵਾਤਾਵਰਣ ਦੇ ਵੱਖ-ਵੱਖ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਐਸ.ਪੀ.ਏ. ਵੱਲੋਂ ਕਈ ਪੱਧਰਾਂ ‘ਤੇ ਵਿਆਪਕ ਸਿਖ਼ਲਾਈ ਪ੍ਰਦਾਨ ਕੀਤੀ ਜਾਂਦੀ ਹੈ।