ਜਲੰਧਰ(ਸਿਟੀ ਤੇਜ਼ ਖ਼ਬਰ ਬਿਊਰੋ) ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਸਾਲ 2023-24 ਦੌਰਾਨ ਜ਼ਿਲ੍ਹੇ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ 210 ਯੋਗ ਲਾਭਪਾਤਰੀਆਂ ਨੂੰ 1.11 ਕਰੋੜ ਰੁਪਏ ਦੇ ਰਿਣ ਸਵੈ ਰੋਜ਼ਗਾਰ ਲਈ ਮੁਹੱਈਆ ਕਰਵਾਏ ਗਏ ਹਨ।ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਸਵੈ ਰੋਜ਼ਗਾਰ ਲਈ ਵੱਖ-ਵੱਖ ਸਕੀਮਾਂ ਅਧੀਨ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ।ਸਾਲ 2023-24 ਦੌਰਾਨ ਨਿਗਮ ਵੱਲੋਂ ਸਵੈ ਰੋਜ਼ਗਾਰ ਚਲਾਉਣ ਲਈ 210 ਲਾਭਪਾਤਰੀਆਂ ਨੂੰ 1 ਕਰੋੜ 11 ਲੱਖ ਰੁਪਏ ਕਰਜ਼ੇ ਮੁਹੱਈਆ ਕਰਵਾਏ ਗਏ, ਜਿਸ ’ਤੇ ਖੇਤਰੀ ਦਫ਼ਤਰ ਜਲੰਧਰ ਵੱਲੋਂ ਕੁੱਲ 52.33 ਲੱਖ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ।
ਬੈਂਕ ਟਾਈ-ਅਪ ਸਕੀਮ ਤਹਿਤ 198 ਯੋਗ ਲਾਭਪਤਰੀਆਂ ਨੂੰ 81 ਲੱਖ ਅਤੇ ਨੈਸ਼ਨਲ ਸ਼ਡਿਊਲਡ ਕਾਸਟ ਫਾਇਨਾਂਸ ਡਿਵੈਲਪਮੈਂਟ ਕਾਰਪੋਰੇਸ਼ਨ ਸਕੀਮ ਤਹਿਤ 12 ਯੋਗ ਲਾਭਪਾਤਰੀਆਂ ਨੂੰ 30 ਲੱਖ ਰੁਪਏ ਦੇ ਕਰਜ਼ੇ ਆਪਣਾ ਕੰਮ-ਧੰਦਾ ਸ਼ੁਰੂ ਕਰਨ ਲਈ ਮੁਹੱਈਆ ਕਰਵਾਏ ਗਏ, ਜਿਨ੍ਹਾਂ ’ਤੇ ਕ੍ਰਮਵਾਰ 50.90 ਲੱਖ ਅਤੇ 1.43 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ।
ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਦਫ਼ਤਰ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ, ਡਾ. ਬੀ.ਆਰ.ਅੰਬੇਦਕਰ ਭਵਨ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਲਾਡੋਵਾਲੀ ਰੋਡ, ਜਲੰਧਰ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਮੋਬਾਇਲ ਨੰਬਰ 94639-52771 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਬਿਨੈਕਾਰ ਦੀ ਉਮਰ 18-55 ਸਾਲ ਹੈ ਅਤੇ ਕਰਜ਼ਾ ਫਾਰਮ ਦਫ਼ਤਰ ਤੋਂ ਮੁਫ਼ਤ ਪ੍ਰਾਪਤ ਕੀਤਾ ਜਾ ਸਕਦਾ ਹੈ।