ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਚੋਰੀ ਦੇ ਮੋਟਰਸਾਈਕਲਾਂ ਨੂੰ ਰੀਸਾਈਕਲ ਕਰਨ ਅਤੇ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਕੰਮ ਕਰ ਰਿਹਾ ਹੈ ਜੋ ਮੋਟਰਸਾਈਕਲਾਂ ਦੀ ਚੋਰੀ ਅਤੇ ਉਹਨਾਂ ਨੂੰ ਵੇਚਣ ਦਾ ਕਾਰੋਬਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਰੋਹਿਤ ਕੁਮਾਰ ਪੁੱਤਰ ਬਲਵੀਰ ਦਾਸ ਵਾਸੀ ਮੁਹੱਲਾ ਨੰ. 505 ਬੀ, ਤਿਲਕ ਨਗਰ, ਜਲੰਧਰ ਜੋ ਕਿ ਲੰਬੇ ਸਮੇਂ ਤੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ | ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੂੰ ਐਫਆਈਆਰ ਨੰਬਰ 96 ਮਿਤੀ 21.08.2024, ਅਧੀਨ 303(2) ਬੀਐਨਐਸ, ਥਾਣਾ ਡਵੀਜ਼ਨ ਨੰਬਰ 5, ਜਲੰਧਰ ਵਿੱਚ ਘਾਸ ਮੰਡੀ ਚੌਕ, ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਰੋਹਿਤ ਕੁਮਾਰ ਨੇ ਕਬੂਲ ਕੀਤਾ ਕਿ ਉਹ ਚੋਰੀ ਦੇ ਮੋਟਰਸਾਈਕਲ ਸ਼ਹਿਰ ‘ਚੋਂ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਹ ਇਹ ਬਾਈਕ ਸਕਰੈਪ ਡੀਲਰ ਸੁਮਿਤ ਉਰਫ਼ ਸ਼ੰਮੀ ਪੁੱਤਰ ਰਮੇਸ਼ ਕੁਮਾਰ ਵਾਸੀ ਨਿਊ ਦਸਮੇਸ਼ ਨਗਰ, ਜਲੰਧਰ ਨੂੰ ਭੇਜਦਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਕਰਦਿਆਂ ਸਕਰੈਪ ਡੀਲਰ ਸੁਮਿਤ ਉਰਫ਼ ਸ਼ੰਮੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਕਰੈਪ ਡੀਲਰ ਨੇ ਮੰਨਿਆ ਕਿ ਚੋਰੀ ਦੇ ਮੋਟਰਸਾਈਕਲ, ਜੋ ਉਹ ਰੋਹਿਤ ਕੁਮਾਰ ਤੋਂ ਖਰੀਦਦਾ ਸੀ, ਦੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਹੋਰ ਸਕਰੈਪ ਡੀਲਰਾਂ ਨੂੰ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੁਮਿਤ ਉਰਫ਼ ਸ਼ੰਮੀ ਦੇ ਘਰੋਂ ਚੋਰੀ ਕੀਤੇ ਮੋਟਰਸਾਈਕਲਾਂ ਦੇ ਵੱਖ-ਵੱਖ ਪੁਰਜ਼ੇ ਵੇਚ ਕੇ ਕਮਾਏ 70,000 ਰੁਪਏ ਬਰਾਮਦ ਕੀਤੇ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।