ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ) ਭਾਰਤ ਪੈਟਰੋਲੀਅਮ ਮੁੰਬਈ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ 2-2 ਤੇ ਬਰਾਬਰ ਰਹੀਆਂ ਅਤੇ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ। ਜਦਕਿ ਦੂਜੇ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਨੇ ਆਰਮੀ ਇਲੈਵਨ ਦਿੱਲੀ ਨੂੰ 4-3 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ।
ਪਹਿਲਾ ਮੈਚ ਪੂਲ ਬੀ ਵਿੱਚ ਭਾਰਤ ਪੈਟਰੋਲੀਅਮ ਮੁੰਬਈ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ ਦਰਮਿਆਨ ਸੰਘਰਸ਼ਪੂਰਨ ਰਿਹਾ। ਰੇਲ ਕੋਚ ਫੈਕਟਰੀ ਕਪੂਰਥਲਾ ਦੇ ਅਜਮੇਰ ਸਿੰਘ ਨੇ ਖੇਡ ਦੇ ਚੌਥੇ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਖੇਡ ਦੇ 11ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਮੁੰਬਈ ਦੇ ਸ਼ੇਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 33ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਦੇ ਵਿਸ਼ਵਾਸ਼ ਗਰੀਸ਼ਾ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 50ਵੇਂ ਮਿੰਟ ਵਿੱਚ ਰੇਲ ਕੋਚ ਫੈਕਟਰੀ ਦੇ ਅਜਮੇਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-2 ਕਰਕੇ ਬਰਾਬਰੀ ਕੀਤੀ। ਮੈਚ ਬਰਾਬਰ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ।
ਦੂਜੇ ਮੈਚ ਪੂਲ ਡੀ ਵਿੱਚ ਆਰਮੀ ਇਲੈਵਨ ਅਤੇ ਭਾਰਤੀ ਨੇਵੀ ਦਰਮਿਆਨ ਖੇਡਿਆ ਗਿਆ। ਖੇਡ ਦੇ 8ਵੇਂ ਮਿੰਟ ਵਿੱਚ ਆਰਮੀ ਦੇ ਸੁਮਿਤਪਾਲ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 23ਵੇਂ ਅਤੇ 27ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਯੋਗੇਸ਼ ਸਿੰਘ ਅਤੇ ਕਪਤਾਨ ਪਵਨ ਰਾਜਭਰ ਨੇ ਗੋਲ ਕਰਕੇ ਸਕੋਰ 2-1 ਕੀਤਾ। ਅੱਧੇ ਸਮੇਂ ਤੱਕ ਭਾਰਤੀ ਨੇਵੀ 2-1 ਨਾਲ ਅੱਗੇ ਸੀ। ਖੇਡ ਦੇ 36ਵੇਂ ਮਿੰਟ ਵਿੱਚ ਨੇਵੀ ਦੇ ਅਜਿੰਕਾ ਯਾਦਵ ਨੇ ਗੋਲ ਕਰਕੇ ਸਕੋਰ 3-1 ਕੀਤਾ। ਖੇਡ ਦੇ ਚੌਥੇ ਕਵਾਰਟਰ ਵਿੱਚ 50ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਅਜਿੰਕਾ ਯਾਦਵ ਨੇ ਗੋਲ ਕਰਕੇ ਸਕੋਰ 4-1 ਕੀਤਾ। 53ਵੇਂ ਮਿੰਟ ਵਿੱਚ ਆਰਮੀ ਦੇ ਗੌਰਵ ਭਗਤਾਨੀ ਨੇ ਗੋਲ ਕਰਕੇ ਸਕੋਰ 2-4 ਕੀਤਾ।55ਵੇਂ ਮਿੰਟ ਵਿੱਚ ਆਰਮੀ ਦੇ ਸਾਇਰਲ ਲੁਗਿਨ ਨੇ ਪੈਨਲਟੀ ਸਟਰੋਕ ਤੋਂ ਗੋਲ ਕਰਕੇ ਸਕੋਰ 3-4 ਕੀਤਾ। ਭਾਰਤੀ ਨੇਵੀ ਦੇ ਦੋ ਲੀਗ ਮੈਚਾਂ ਤੋਂ ਬਾਅਦ ਇਕ ਜਿੱਤ ਅਤੇ ਇਕ ਡਰਾਅ ਲਈ ਕੁਲ ਚਾਰ ਅੰਕ ਖਾਤੇ ਵਿੱਚ ਜਮ੍ਹਾ ਕਰ ਲਏ ਹਨ। ਭਾਰਤੀ ਨੇਵੀ ਦਾ ਪਹਿਲਾ ਮੈਚ ਪੰਜਾਬ ਐਂਡ ਸਿੰਧ ਬੈਂਕ ਨਾਲ 1-1 ਗੋਲ ਦੀ ਬਰਾਬਰੀ ਤੇ ਰਿਹਾ ਸੀ।
ਅੱਜ ਦੇ ਮੈਚਾਂ ਸਮੇਂ ਮੁੱਖ ਮਹਿਮਾਨ ਗੁਰਿੰਦਰਜੀਤ ਕੌਰ ਜਿਲ੍ਹਾ ਸਿੱਖਿਆ ਅਫਸਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਤਰਲੋਕ ਸਿੰਘ ਭੁੱਲਰ, ਲਖਵਿੰਦਰਪਾਲ ਸਿੰਘ ਖਹਿਰਾ, ਰਾਮ ਪ੍ਰਤਾਪ, ਕੁਲਵਿੰਦਰ ਸਿੰਘ ਥਿਆੜਾ, ਰਾਮ ਸਰਨ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਅਮਨਦੀਪ ਕੋਂਡਲ, ਹਰਿੰਦਰ ਸੰਘਾ, ਗੁਰਿੰਦਰ ਸਿੰਘ ਸੰਘਾ, ਰਮਣੀਕ ਸਿੰਘ ਰੰਧਾਵਾ, ਉਲੰਪੀਅਨ ਰਜਿੰਦਰ ਸਿੰਘ, ਉਲੰਪੀਅਨ ਗੁਨਦੀਪ ਕੁਮਾਰ, ਜਸਵਿੰਦਰ ਸਿੰਘ ਲਾਲੀ ਸੰਗਰੂਰ, ਝਿਲਮਨ ਸਿੰਘ ਮਾਨ, ਜਗਮੋਹਨ ਸਿੰਘ ਆਰਸੀਐਫ, ਨੱਥਾ ਸਿੰਘ ਗਾਖਲ, ਅਮੋਲਕ ਸਿੰਘ ਗਾਖਲ, ਕੁਲਦੀਪ ਸਿੰਘ ਸੰਧਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
23 ਅਕਤੂਬਰ ਦੇ ਮੈਚ
ਇੰਡੀਅਨ ਆਇਲ ਮੁੰਬਈ ਬਨਾਮ ਇੰਡੀਅਨ ਏਅਰ ਫੋਰਸ – 3-45 ਵਜੇ
ਭਾਰਤ ਪੈਟਰੋਲੀਅਮ ਮੁੰਬਈ ਬਨਾਮ ਪੰਜਾਬ ਪੁਲਿਸ ਜਲੰਧਰ- 5-30 ਵਜੇ
ਦਰਸ਼ਕਾਂ ਲਈ ਮੋਟਰ ਸਾਇਕਲਾਂ, ਐਲਸੀਡੀ, ਫਰਿਜ ਅਤੇ ਦੁਬਈ ਦੀ ਟਿਕਟ ਦਾ ਡਰਾਅ ਕੱਢਿਆ ਜਾਵੇਗਾ- ਸੁਰਿੰਦਰ ਭਾਪਾ
ਸੁਰਜੀਤ ਹਾਕੀ ਸੋਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਨੇ ਜਾਣਕਾਰੀ ਦਿੱਤੀ ਹੈ ਕਿ ਟੂਰਨਾਮੈਂਟ ਦੇ ਫਾਇਨਲ ਵਾਲੇ ਦਿਨ ਦਰਸ਼ਕਾਂ ਲਈ ਦਿਲਖਿਚਵੇਂ ਇਨਾਮਾਂ ਦੇ ਡਰਾਅ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਲਈ ਲੱਕੀ ਡਰਾਅ ਦੇ ਕੂਪਨ ਸਟੇਡੀਅਮ ਵਿੱਚ ਦਿਤੇ ਜਾ ਰਹੇ ਹਨ। ਟੀਵੀਐਸ ਕੰਪਨੀ ਵਲੋਂ ਤਿੰਨ ਮੋਟਰਸਾਇਕਲ, ਰਵਿੰਦਰ ਸਿੰਘ ਪੁਆਰ ਵਲੋਂ ਐਲਸੀਡੀ, ਫਰਿਜ ਅਤੇ ਮਾਇਰੋਵੇਵ ਅਤੇ ਫਲਾਇੰਗ ਵਿੰਗ ਡੈਲਟਾ ਚੈਂਬਰ ਵਲੋਂ ਦੁਬਈ ਦੀ ਇਕ ਹਵਾਈ ਟਿਕਟ ਦਾ ਲੱਕੀ ਡਰਾਅ ਫਾਇਨਲ ਮੈਚ ਤੋਂ ਬਾਅਦ ਕੱਢੇ ਜਾਣਗੇ।