ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) ਭਾਰਤੀ ਫੌਜ ਵਿੱਚ ਬਤੌਰ ਅਗਨੀਵੀਰ ਭਰਤੀ ਲਈ ਸਰਕਾਰੀ ਸਪੋਰਟਸ ਕਾਲਜ ਜਲੰਧਰ ਵਿਖੇ 6 ਤੋਂ 13 ਨਵੰਬਰ 2024 ਤੱਕ ਭਰਤੀ ਰੈਲੀ ਹੋਣ ਜਾ ਰਹੀ ਹੈ, ਜਿਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਮੀਦਵਾਰ ਹਿੱਸਾ ਲੈਣਗੇ।
ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਜਲੰਧਰ-1 ਰਣਦੀਪ ਸਿੰਘ ਵੱਲੋਂ ਭਰਤੀ ਵਾਲੇ ਸਥਾਨ ’ਤੇ ਫੌਜ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਭਰਤੀ ਰੈਲੀ ਦੌਰਾਨ ਉਮੀਦਵਾਰਾਂ ਦੇ ਰਹਿਣ, ਖਾਣ-ਪੀਣ, ਭਰਤੀ ਦੇ ਸਥਾਨ ’ਤੇ ਟੈਂਟ, ਬਿਜਲੀ ਬੈਕਅਪ, ਇੰਟਰਨੈੱਟ, ਸੀ.ਸੀ.ਟੀ.ਵੀ., ਟ੍ਰੈਫਿਕ ਕੰਟਰੋਲ, ਬੈਰੀਕੇਟਿੰਗ, ਪਖਾਨੇ, ਫਾਇਰ ਬ੍ਰਿਗੇਡ, ਐਂਬੂਲੈਂਸ ਸਮੇਤ ਹੋਰ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਉਹ ਉਮੀਦਵਾਰ ਹਿੱਸਾ ਲੈਣ ਦੇ ਯੋਗ ਹੋਣਗੇ, ਜਿਨ੍ਹਾਂ ਵੱਲੋਂ ਪਹਿਲਾਂ ਤੋਂ ਹੀ ਭਾਰਤੀ ਫੌਜ ਦੀ ਵੈੱਬਸਾਈਟ www.joinindianarmy.nic.in ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ।
ਮੀਟਿੰਗ ਵਿੱਚ ਆਰਮੀ ਰਿਕਰੂਟਮੈਂਟ ਅਫ਼ਸਰ ਕਰਨਲ ਵਿਪਲੋਵ ਡੋਗਰਾ, ਪ੍ਰਿੰਸੀਪਲ ਸਰਕਾਰੀ ਸਪੋਰਟਸ ਕਾਲਜ ਰਣਬੀਰ ਸਿੰਘ, ਏ.ਸੀ.ਪੀ. ਹੈੱਡ ਕੁਆਰਟਰ ਮਨਮੋਹਨ ਸਿੰਘ, ਤਹਿਸੀਲਦਾਰ ਸਵਪਨਦੀਪ ਕੌਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਅਫ਼ਸਰ ਨਰੇਸ਼ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।