ADVERTISEMENT
ਪ੍ਰਸ਼ਾਸਨ ਵੱਲੋਂ ਅਪਾਹਜ ਆਸ਼ਰਮ ਨੂੰ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ
ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ) ਡਵੀਜ਼ਨਲ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਸਥਾਨਕ ਅਪਾਹਜ ਆਸ਼ਰਮ ਵਿਖੇ ਬਜ਼ੁਰਗਾਂ ਅਤੇ ਦਿਵਿਆਂਗਜਨ ਨਾਲ ਦਿਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਬਜ਼ੁਰਗਾਂ ਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਨੂੰ ਫਲ ਵੰਡੇ।
ਸ਼੍ਰੀ ਸੱਭਰਵਾਲ ਨੇ ਇਸ ਮੌਕੇ ਬਜ਼ੁਰਗਾਂ ਤੇ ਦਿਵਿਆਂਗਜਨ ਨੂੰ ਦਿਵਾਲੀ ਦੀ ਮੁਬਾਰਕਬਾਦ ਦਿੰਦਿਆਂ ਕਾਮਨਾ ਕੀਤੀ ਕਿ ਇਹ ਤਿਉਹਾਰ ਸਭ ਦੀਆਂ ਜ਼ਿੰਦਗੀਆਂ ਵਿੱਚ ਖੁਸ਼ੀਆਂ ਅਤੇ ਰੌਸ਼ਨੀ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਵਿਅਕਤੀਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ ਹੈ।
ਇਸ ਤੋਂ ਪਹਿਲਾਂ ਆਸ਼ਰਮ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਇਹ ਦੇਖ ਕੇ ਬੜਾ ਸਕੂਨ ਮਿਲਿਆ ਹੈ ਕਿ ਬਜ਼ੁਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਪਰਿਵਾਰਕ ਮੈਂਬਰਾਂ ਵਾਂਗ ਰੱਖਿਆ ਗਿਆ ਹੈ। ਇਸ ਮੌਕੇ ਪਦਮ ਸ਼੍ਰੀ ਵਿਜੇ ਚੋਪੜਾ ਵੀ ਮੌਜੂਦ ਸਨ।
ਆਸ਼ਰਮ ਅਤੇ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਟਰੱਸਟ ਦੇ ਅਹੁਦੇਦਾਰਾਂ ਵੱਲੋਂ ਆਸ਼ਰਮ ਵਿਖੇ ਰਹਿਣ ਵਾਲੇ ਵਿਅਕਤੀਆਂ ਦੀ ਸੇਵਾ ਅਤੇ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਸੱਭਰਵਾਲ ਨੇ ਕਿਹਾ ਕਿ ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ।
ਇਸ ਮੌਕੇ ਉਨ੍ਹਾਂ ਸਵ. ਪ੍ਰੋ. ਸੰਤ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਪਾਹਜ ਆਸ਼ਰਮ ਵਿਖੇ ਨਿਭਾਈ ਜਾ ਰਹੀ ਸੇਵਾ ਦੀ ਵੀ ਸ਼ਲਾਘਾ ਕੀਤੀ। ਆਸ਼ਰਮ ਤੇ ਟਰੱਸਟ ਦੇ ਅਹੁਦੇਦਾਰਾਂ ਨੂੰ ਭਵਿੱਖ ਵਿੱਚ ਵੀ ਮਨੁੱਖਤਾ ਅਤੇ ਸਮਾਜ ਭਲਾਈ ਦੇ ਕੰਮ ਹੋਰ ਵਧ-ਚੜ੍ਹ ਕੇ ਕਰਨ ਲਈ ਹੱਲਾਸ਼ੇਰੀ ਦਿੰਦਿਆਂ ਡਵੀਜ਼ਨਲ ਕਮਿਸ਼ਨਰ ਨੇ ਆਸ਼ਰਮ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ।
ਇਸ ਮੌਕੇ ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ, ਸੁਨੀਤਾ ਕਪੂਰ, ਡਾ. ਜਗਦੀਪ ਸਿੰਘ, ਡਾ. ਗਗਨਦੀਪ ਸਿੰਘ, ਸੁਪਰਡੰਟ ਅਸ਼ੋਕ ਵਧਵਾ ਆਦਿ ਵੀ ਮੌਜੂਦ ਸਨ।