ਜਲੰਧਰ(ਸਿਟੀ ਤੇਜ਼ ਖ਼ਬਰ ਬਿਊਰੋ) ਅੰਤਰਰਾਜੀ ਡਰੱਗ ਰੈਕੇਟ ਵਿੱਚ ਇੱਕ ਹੋਰ ਅਹਿਮ ਪ੍ਰਾਪਤੀ ਕਰਦਿਆਂ, ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਭੁੱਕੀ ਦੀ ਤਸਕਰੀ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 15 ਕੁਇੰਟਲ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਤਿੰਨ ਦੋਸ਼ੀਆਂ ਗੁਰਅਵਤਾਰ ਸਿੰਘ ਉਰਫ ਤਾਰੀ, ਦੇਸ ਰਾਜ ਅਤੇ ਦਲੇਰ ਸਿੰਘ ਉਰਫ ਦਲੋਰਾ ਨੂੰ 14 ਕੁਇੰਟਲ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 226 ਮਿਤੀ 15.11.2024 ਅਧੀਨ 15/61/85 ਐਨ.ਡੀ.ਪੀ.ਐਸ ਐਕਟ ਦਰਜ ਕੀਤਾ ਗਿਆ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋ ਹੋਰ ਮੁਲਜ਼ਮਾਂ ਜੋਗਾ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਜਲੰਧਰ ਅਤੇ ਉਸ ਦੇ ਸਾਥੀ ਲੱਕੀ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਮੰਡ ਚੌਂਤਾ ਪੁੰਜ ਕੂੰਮ ਕਲਾਂ ਲੁਧਿਆਣਾ ਦੀ ਪਛਾਣ ਹੋਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਪੁਲਿਸ ਨੇ ਇੱਕ ਕੁਇੰਟਲ 40 ਕਿਲੋ ਭੁੱਕੀ ਅਤੇ ਇੱਕ ਦੇਸੀ ਪਿਸਤੌਲ 01 ਜਿੰਦਾ ਰੌਂਦ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਹੁਣ ਤੱਕ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 15 ਕੁਇੰਟਲ 40 ਕਿਲੋ ਭੁੱਕੀ, ਦੋ ਵਾਹਨ, ਇੱਕ ਦੇਸੀ ਪਿਸਤੌਲ ਅਤੇ ਇੱਕ ਜਿੰਦਾ ਰੌਂਦ ਬਰਾਮਦ ਕੀਤਾ ਗਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।