ਜਲੰਧਰ,(ਸਿਟੀ ਤੇਜ਼ ਖ਼ਬਰ ਬਿਊਰੋ) ਡਿਪਟੀ ਕਮਿਸ਼ਨਰ-ਕਮ ਜ਼ਿਲਾ ਚੋਣਕਾਰ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਚਾਇਤੀ ਚੋਣਾਂ-2024 ਦੇ ਮੱਦੇਨਜ਼ਰ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01.01.2023 ਦੇ ਆਧਾਰ ’ਤੇ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਲਈ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਮਿਤੀ 20, 21 ਅਤੇ 22 ਅਗਸਤ ਨੂੰ ਪੇਂਡੂ ਖੇਤਰਾਂ ਵਿੱਚ ਨਵੀਂਆਂ ਵੋਟਾਂ ਬਣਵਾਉਣ, ਕਟਵਾਉਣ ਜਾਂ ਕੋਈ ਤਬਦੀਲੀ ਕਰਨ ਸਬੰਧੀ ਦਰਖਾਸਤਾਂ ਪ੍ਰਾਪਤ ਕੀਤੀਆਂ ਜਾਣਗੀਆਂ।
ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਸਬੰਧੀ ਕੋਈ ਵੀ ਯੋਗ ਵਿਅਕਤੀ ਨਵੀਂ ਵੋਟ ਰਜਿਸਟਰ ਕਰਵਾਉਣ ਲਈ ਫਾਰਮ-I, ਕਿਸੇ ਵੀ ਇਤਰਾਜ਼/ਵੋਟ ਕਟਾਉਣ ਲਈ ਫਾਰਮ-II ਅਤੇ ਵੋਟਰ ਸੂਚੀ ਵਿੱਚ ਕਿਸੇ ਵੀ ਸੋਧ ਲਈ ਫਾਰਮ-III ਭਰ ਕੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਬੰਧਤ ਈ.ਆਰ.ਓਜ਼. ਨੂੰ ਦੇ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਚਾਇਤੀ ਚੋਣਾਂ-2024 ਦੇ ਮੱਦੇਨਜ਼ਰ ਸੌ ਫੀਸਦੀ ਤਰੁੱਟੀ ਰਹਿਤ ਵੋਟਰ ਸੂਚੀਆਂ ਨੂੰ ਯਕੀਨੀ ਬਣਾਇਆ ਜਾਵੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਲਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਵੋਟ ਬਣਵਾਉਣ, ਵੋਟ ਕਟਵਾਉਣ ਅਤੇ ਵੋਟਰ ਸੂਚੀ ਵਿੱਚ ਕਿਸੇ ਵੀ ਸੋਧ ਲਈ ਲੋੜੀਂਦੇ ਫਾਰਮ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਐਸ.ਡੀ.ਐਮਜ਼) ਦੇ ਦਫ਼ਤਰ ਵਿਖੇ ਉਪਲਬਧ ਹਨ ਜਾਂ ਇਨ੍ਹਾਂ ਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ sec.punjab.gov.in ਤੋਂ ਪੰਚਾਇਤੀ ਚੋਣਾਂ ਸਟੈਚੂਅਰੀ ਫਾਰਮਜ਼ ਦੇ ਲਿੰਕ ਤੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਦੌਰਾਨ ਜਾਂ ਇਸ ਤੋਂ ਬਾਅਦ ਵੀ, ਨਵੀਆਂ ਬਣਾਈਆਂ, ਕੱਟੀਆਂ ਗਈਆਂ ਅਤੇ ਤਬਦੀਲ ਕੀਤੀਆਂ ਗਈਆਂ ਵੋਟਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਇਨ੍ਹਾਂ ਨੂੰ ਅਨੁਪੂਰਕ ਸੂਚੀਆਂ ਦੇ ਤੌਰ ’ਤੇ ਕਮਿਸ਼ਨ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਅਨੁਸਾਰ ਪ੍ਰਕਾਸ਼ਿਤ ਕਰਵਾਇਆ ਜਾਵੇ।