ਗੁਰਦਾਸਪੁਰ (ਸਿਟੀ ਤੇਜ਼ ਖ਼ਬਰ ਬਿਊਰੋ) ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਸਿੰਘਪੁਰਾ ‘ਚ ਭੂਤ ਕੱਢਣ ਦੇ ਨਾਂ ’ਤੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਮੁੱਖ ਮੁਲਜ਼ਮ ਪਾਦਰੀ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਜਦਕਿ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਦਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਰਾਖਲ ਪਤਨੀ ਮੰਗਾ ਮਸੀਹ ਵਾਸੀ ਸਿੰਘਪੁਰਾ ਨੇ ਧਾਰੀਵਾਲ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਸੈਮੂਅਲ ਮਸੀਹ (30) ਅਕਸਰ ਬਿਮਾਰ ਰਹਿੰਦਾ ਸੀ। ਇਸ ਸਬੰਧੀ ਉਸ ਨੇ ਪਾਸਟਰ ਯਾਕੂਬ ਮਸੀਹ ਤੇ ਬਲਜੀਤ ਸਿੰਘ ਨੂੰ ਅਰਦਾਸ ਕਰਨ ਲਈ ਆਪਣੇ ਘਰ ਬੁਲਾਇਆ ਸੀ। 21 ਅਗਸਤ ਨੂੰ ਪਾਸਟਰ ਜੈਕਬ ਮਸੀਹ ਉਰਫ ਜੋਕੀ ਤੇ ਬਲਜੀਤ ਸਿੰਘ ਉਰਫ ਸੋਨੂੰ ਸਮੇਤ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ, ਜਿਨ੍ਹਾਂ ਨੇ ਕਿਹਾ ਕਿ ਉਸ ਦੇ ਲੜਕੇ ਨੂੰ ਭੂਤ ਚਿੰਬੜਿਆ ਹੋਇਆ ਹੈ ਤੇ ਉਸ ਨੂੰ ਬਾਹਰ ਕੱਢਣਾ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਬੇਟੇ ਨੂੰ ਕਰੀਬ 2 ਘੰਟੇ ਕੁੱਟਿਆ। ਮੁਲਜ਼ਮਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਨੇੜੇ ਨਹੀਂ ਆਉਣ ਦਿੱਤਾ। ਸੈਮੂਅਲ ਮਸੀਹ ਦੀ ਕੁੱਟਮਾਰ ਤੋਂ ਬਾਅਦ ਉਸ ਨੂੰ ਮੰਜੇ ‘ਤੇ ਪਾ ਕੇ ਖ਼ੁਦ ਮੁਲਜ਼ਮ ਚਲੇ ਗਏ। ਰਿਸ਼ਤੇਦਾਰਾਂ ਨੇ ਨੇੜੇ ਜਾ ਕੇ ਦੇਖਿਆ ਕਿ ਸੈਮੁਅਲ ਮਸੀਹ ਦੀ ਮੌਤ ਹੋ ਚੁੱਕੀ ਸੀ।