ਭਗਵਾਨ ਵਾਲਮੀਕਿ ਜੀ ਦਾ ਜੀਵਨ ਸਾਨੂੰ ਸੱਚ ਅਤੇ ਮਿਹਨਤ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੈ : ਮਹਿੰਦਰ ਭਗਤ
ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਭਲਾਈ ਮੰਤਰੀ ਮਹਿੰਦਰ ਭਗਤ ਨੇ ਵੀਰਵਾਰ ਰਾਤ ਆਬਾਦਪੁਰਾ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਨਤਮਸਤਕ ਹੋ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਮਹਿੰਦਰ ਭਗਤ ਨੇ ਸ਼ਹਿਰ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਅਸੀਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਅਜੋਕੇ ਸਮੇਂ ਵਿੱਚ ਸਮਾਜ ਵਿੱਚ ਪੂਰਨ ਸਦਭਾਵਨਾ ਲਈ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਣ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਸਾਨੂੰ ਸੱਚਾਈ ਅਤੇ ਮਿਹਨਤ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਵੱਲੋਂ ਪਵਿੱਤਰ ਰਾਮਾਇਣ ਦੀ ਰਚਨਾ ਸਮੁੱਚੀ ਲੋਕਾਈ ਲਈ ਕੀਤੀ ਗਈ ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਮੁੱਚੀ ਮਨੁੱਖ ਜਾਤੀ ਨੂੰ ਸੱਚ ਦਾ ਮਾਰਗ ਅਪਣਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ। ਉਹ ਕਿਸੇ ਇੱਕ ਸਮਾਜ ਨਾਲ ਸਬੰਧਤ ਨਹੀਂ ਸਨ, ਸਗੋਂ ਸਮੁੱਚੇ ਵਿਸ਼ਵ ਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵਧੇਰੇ ਸਾਰਥਕ ਹਨ ਅਤੇ ਸਮਾਜ ਵਿੱਚ ਸਦਭਾਵਨਾ ਲਈ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਅਤੇ ਆਪਣੇ ਕੰਮਾਂ ਰਾਹੀਂ ਲੋਕ ਭਲਾਈ ਨੂੰ ਯਕੀਨੀ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਇਸ ਮੌਕੇ ਮੰਦਿਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀ ਮੌਜੂਦ ਸਨ।