ਅੰਮ੍ਰਿਤਸਰ (ਸਿਟੀ ਤੇਜ਼ ਖ਼ਬਰ ਬਿਊਰੋ) ਇਸਲਾਮਾਬਾਦ ਥਾਣਾ ਪੁਲਿਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰਾਂ ਦੀ ਤਸਕਰੀ ਕਰਨ ਵਾਲੇ 7 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਪਾਸੋਂ 12 ਪਿਸਤੌਲ, 16 ਮੈਗਜ਼ੀਨ ਅਤੇ 23 ਅਣਚੱਲੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਕਰਨਜੀਤ ਸਿੰਘ ਧਨੀ, ਜਸ਼ਨਦੀਪ ਸਿੰਘ ਉਰਫ਼ ਮਾਇਆ ਉਰਫ਼ ਚਿੱਲੜ, ਇਸ਼ਮੀਤ ਸਿੰਘ ਉਰਫ਼ ਰਿਸ਼ੂ, ਅੰਮ੍ਰਿਤਪਾਲ ਸਿੰਘ ਉਰਫ਼ ਸਪਰਾ, ਦਿਲਪ੍ਰੀਤ ਸਿੰਘ ਉਰਫ਼ ਦਿਲ ਅਤੇ ਬਾਬਾ ਬਕਾਲਾ ਦੇ ਵਰਿੰਦਰ ਉਰਫ਼ ਰਵੀ ਅਤੇ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ’ਚੋਂ ਕਈਆਂ ਦੇ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਇਨ੍ਹਾਂ ‘ਚੋਂ ਕੁਝ ਲੋਕ ਹੋਟਲਾਂ ‘ਚ ਵੇਟਰ ਦਾ ਕੰਮ ਵੀ ਕਰਦੇ ਹਨ। ਇਸ ਪੂਰੇ ਗੈਂਗ ਨੂੰ ਬਾਬਾ ਬਕਾਲਾ ਦਾ ਦਿਲਪ੍ਰੀਤ ਸਿੰਘ ਅਮਰੀਕਾ ਵਿਚ ਬੈਠ ਕੇ ਚਲਾ ਰਿਹਾ ਸੀ। ਦਿਲਪ੍ਰੀਤ ਸਿੰਘ ਗੈਂਗਸਟਰ ਲੰਡਾ ਹਰੀਕੇ ਦਾ ਰਿਸ਼ਤੇਦਾਰ ਵੀ ਹੈ। ਤਰਨਤਾਰਨ ਦਾ ਰਹਿਣ ਵਾਲਾ ਗੈਂਗਸਟਰ ਬਿੱਲਾ ਸ਼ੇਰੋ ਵੀ ਉਸ ਦਾ ਸਾਥ ਦੇ ਰਿਹਾ ਸੀ। ਪੁਲਿਸ ਨੇ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਪਾਸੇ ਪੁਲਿਸ ਇਸ ਮਾਮਲੇ ’ਚ ਪੁੱਛਗਿੱਛ ਲਈ ਦਿਲਪ੍ਰੀਤ ਸਿੰਘ ਦੇ ਰਿਸ਼ਤੇਦਾਰਾਂ ਨੂੰ ਵੀ ਬੁਲਾਏਗੀ। ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਿਦੇਸ਼ ‘ਚ ਬੈਠੇ ਉਕਤ ਗੈਂਗਸਟਰ ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਵਰਗਲਾ ਕੇ ਹਥਿਆਰ ਤੇ ਨਸ਼ਾ ਤਸਕਰੀ ‘ਚ ਸ਼ਾਮਿਲ ਕਰਵਾ ਰਹੇ ਹਨ। ਜਾਂਚ ਦੌਰਾਨ ਕਈ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਅਤੇ ਬਰਾਮਦਗੀ ਦੀ ਵੀ ਸੰਭਾਵਨਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਮੱਧ ਪ੍ਰਦੇਸ਼ ਤੋਂ ਹਥਿਆਰ ਮੰਗਵਾ ਕੇ ਵੱਖ-ਵੱਖ ਗੈਂਗਾਂ ਨੂੰ ਮੁਹੱਈਆ ਕਰਵਾ ਰਿਹਾ ਸੀ। ਜਾਂਚ ’ਚ ਮੁਤਾਬਕ ਮੁਲਜ਼ਮ ਕਰਨਜੀਤ ਸਿੰਘ ਧਨੀ ਆਪਣੇ ਭਰਾ ਜਸ਼ਨਦੀਪ ਸਿੰਘ ਅਤੇ ਇਸ਼ਮੀਤ ਨਾਲ ਮਿਲ ਕੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਖੇਪ ਅਮਰੀਕਾ ’ਚ ਬੈਠੇ ਦਿਲਪ੍ਰੀਤ ਸਿੰਘ ਦੇ ਕਹਿਣ ’ਤੇ ਗਿਰੋਹ ਦੇ ਮੈਂਬਰਾਂ ਤੱਕ ਪਹੁੰਚਾਉਣ ਲਈ ਲਿਆਇਆ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਪਰੋਕਤ ਮੁਲਜਮਾਂ ਨੂੰ ਛੇਹਰਟਾ ਅਤੇ ਬਾਬਾ ਬਕਾਲਾ ਦੇ ਇਲਾਕਿਆਂ ਵਿਚੋਂ ਕਾਬੂ ਕੀਤਾ ਗਿਆ। ਇਹ ਮੁਲਜ਼ਮ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆ ਕੇ ਅੱਗੇ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਾਸ ਤੌਰ ‘ਤੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਇਸ ਧੰਦੇ ਵਿਚ ਲਗਾ ਰਹੇ ਹਨ। ਮੁਲਜ਼ਮ ਹਥਿਆਰਾਂ ਸਮੇਤ ਨਸ਼ਿਆਂ ਦੀ ਵੀ ਤਸਕਰੀ ਕਰ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।•